ਕੁਲ ਪਿਰੰਦੇ ਇਸ ਧਰਤ ਦੇ ਰੁੱਖਾਂ ਤੋਂ ਉੱਡ ਗਏ ਨੇ
ਹੁਣ ਰੁੱਖ ਵੀ ਇਥੋਂ ਜਾਣ ਦੇ ਕਰਨ ਲੱਗੇ ਮਸ਼ਵਰੇ

Post has attachment

ਜੇ ਤੂੰ ਮਹਿਲ ਉਚੇਰੇ ਕੀਤੇ,
ਅਸੀਂ ਕਦੇ ਨਾ ਸਾੜੇ ਕੀਤੇ,
ਤੇਰੇ ਅੱਖੀਂ ਸਾਡਾ ਛੱਪਰ ਚੁੱਭਦਾ ਕਿਉਂ ਏ ?
ਫੁੱਲ ਸਾਡੇ ਵਿਹੜੇ ਦਾ ਤੈਨੂੰ ਡੰਗਦਾ ਕਿਉਂ ਏ ?

ਅਸੀਂ ਲੱਗੇ ਤਾਜਮਹਿਲ ਦੀਆਂ ਨੀਹਾਂ ਦੇ ਵਿੱਚ,
ਇੱਟਾਂ ਬਣਕੇ ਚਿਣੇ ਗਏ ਹਾਂ ਵੀਹਾਂ ਦੇ ਵਿੱਚ,
ਦੱਸ ਅਣਆਈ ਮੌਤੇ ਕਾਮਾ ਮਰਦਾ ਕਿਉਂ ਏ ?
ਲਾਸ਼ਾਂ ਦੇਖ ਕੇ ਤੇਰਾ ਸੀਨਾ ਠਰਦਾ ਕਿਉਂ ਏ ?

ਧਰਮ ਤਾਂ ਕੀ ਏ ਰੱਬ ਵੀ ਤੇਰਾ ਪਾਣੀ ਭਰਦਾ,
ਸਰਕਾਰੇ-ਦਰਬਾਰੇ ਰਾਜ ਵੀ ਤੇਰੇ ਘਰ ਦਾ,
ਬਣ ਸਾਡਾ ਪ੍ਰਸਾਦ ਧਾਮੀਂ ਤੇਰੇ ਚੜ੍ਹਦਾ ਕਿਉਂ ਏ ?
ਸਾਡੇ ਬਾਲਣੀਂ ਤੇਰਾ ਚੁੱਲ੍ਹਾ ਮਘਦਾ ਕਿਉਂ ਏ ?

ਲੋਹਾ ਸਾਡੇ ਅੱਟਣਾਂ ਵਿੱਚੋਂ ਪਿਘਲ ਕੇ ਨਿੱਕਲਿਆ,
ਸੂਰਜ ਵੀ ਪੁੱਤ ਸਾਡਾ ਕੁਲ ਸਾਡੀ ਦਾ ਜਾਇਆ,
ਫਿਰ ਵੀ ਸਾਡੇ ਆਂਗਨ ਹਾਕਮਾਂ, 'ਨੇਰਾ ਕਿਉਂ ਏ ?
ਤੇ ਸੁਰਖ਼ ਗੁਲਾਬਾਂ ਵਰਗਾ ਤੇਰਾ ਚਿਹਰਾ ਕਿਉਂ ਏ ?

ਗੁੰਮਸ਼ੁਦਾ

ਨਾਂ- ਪੰਜਾਬ
ਉਮਰ- ਔਸਤਨ 12 ਕੁ ਸਦੀਆਂ
ਮਿੱਟੀ ਦਾ ਰੰਗ- ਸੁਹਜ
ਅਦਾਵਾਂ- ਕੌਣ ਝੱਲ ਸਕਦੈ
ਹਵਾਵਾਂ- ਕੌਣ ਠੱਲ੍ਹ ਸਕਦੈ
ਸਿਰ 'ਤੇ - ਸੰਧੂਰੀ ਪੱਗ
ਖ਼ਿਜ਼ਾ- ਰਜ਼ਾਮੰਦ
ਪਿੱਠ 'ਤੇ - 47 ਤੇ 84 ਦੇ ਨਿਸ਼ਾਨ
ਬਾਹਵਾਂ 'ਤੇ - 'ਹ' ਦਾ ਤਿਲ
ਅਵਸਥਾ- ਸਾਦਗੀ
ਚਿਹਰਾ- ਸ਼ਰਮਾਕਲ ਤੇ ਸਾਂਵਲਾ
ਉਚਾਰਨ- ਸਰਬੱਤ ਦਾ ਭਲਾ
ਪਹਿਰਾਵਾ- ਦੂਧੀਆ,ਨੀਲਾ,ਹਰਾ ਤੇ ਸੈਫਰਨ
ਤੋਰ- ਮੁਸਾਫ਼ਿਰਾਨਾ
ਲਹਿਜ਼ਾ- ਫ਼ਕੀਰਾਨਾ
ਮੁਹੱਬਤ- ਆਸ਼ਿਕਾਨਾ
ਅੱਖ- ਯੱਖ ਠੰਡੀ ਠਾਰ
ਟੇਕ- ਇਕ ਓਅੰਕਾਰ
ਭਾਸ਼ਾ- ਪੰਜਾਬੀ ਅਦਬੀ
ਆਚਰਣ- ਸਫੈਦ
ਸੁਭਾਅ- ਖੁੱਲ੍ਹ ਦਿਲਾ ਤੇ ਸਾਊ
ਦਿੱਖ- ਸ਼ਾਹਸਵਾਰ, ਜਿਵੇਂ ਹੁਣੇ ਖੇਤੋਂ ਪਾਣੀ ਲਾਕੇ ਮੁੜਿਆ
ਹੋਵੇ ਜਾਂ ਭਗਤ ਸਿੰਘ ਹੋ ਨਿਬੜੇ
ਮੁੱਖ ਵਾਕ- ਕਿਰਤ ਕਰੋ ਵੰਡ ਛਕੋ ਤੇ ਨਾਮ ਜਪੋ
ਬੋਲੀ- ਸਤਿਕਾਰਤ
ਸ਼ੈਲੀ- ਬਾਕਮਾਲ
ਗਲੇ 'ਚ - ਰਾਗਮਾਲਾ
ਝੁਕਾਅ- ਗੁਰਮੁਖ
ਹੋਂਦ- ਗੁਰੂਆਂ, ਪੀਰਾਂ, ਫ਼ਕੀਰਾਂ ਦਾ ਜਾਇਆ
ਤਬੀਅਤ- ਸਮੇਂ ਅਨੁਸਾਰ
ਉੱਠਨੀ- ਫ਼ਕੀਰਾਂ ਵਰਗੀ
ਦੇਖਨੀ- ਯੋਧਿਆਂ ਵਰਗੀ

ਗੁੰਮ ਹੈ!

ਦੱਸਣ ਵਾਲੇ ਨੂੰ- ਮਿੱਟੀ ਦੀ ਇੱਕ ਮੁੱਠ

Post has attachment
Wait while more posts are being loaded